ਚੰਡੀਗੜ੍ਹ। ਹਰਿਆਣਾ ਦੇ ਸੋਨੀਪਤ ਤੋਂ ਇੱਕ ਬੇਹੱਦ ਭਾਵੁਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿਤਾ ਦੀ ਮੌਤ ਅਤੇ ਮਾਂ ਵੱਲੋਂ ਦੂਜਾ ਵਿਆਹ ਕਰ ਲੈਣ ਤੋਂ ਬਾਅਦ 15 ਸਾਲਾ ਬੱਚਾ ਪਰਿਵਾਰਕ ਪੈਨਸ਼ਨ ਲਈ ਦਫ਼ਤਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਇਸ ਬੱਚੇ ਨੇ ਹੁਣ ਚੰਡੀਗੜ੍ਹ ਸਥਿਤ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (CAT) ਦਾ ਦਰਵਾਜ਼ਾ ਖੜਕਾਇਆ ਹੈ।
ਬੱਚੇ ਦੇ ਪਿਤਾ ਡਾਕ ਵਿਭਾਗ ਵਿੱਚ ਪੋਸਟਮੈਨ ਵਜੋਂ ਤਾਇਨਾਤ ਸਨ। 22 ਅਗਸਤ 2010 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਦੀ ਮਾਂ ਨੂੰ ਪਰਿਵਾਰਕ ਪੈਨਸ਼ਨ ਮਿਲਣ ਲੱਗ ਪਈ। ਪਰ ਸਾਲ 2014 ਵਿੱਚ ਮਾਂ ਨੇ ਦੂਜਾ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਪਰਿਵਾਰਕ ਪੈਨਸ਼ਨ ਬੰਦ ਹੋ ਗਈ।
ਇਸ ਤੋਂ ਬਾਅਦ ਪਰਿਵਾਰ ਵੱਲੋਂ ਪੈਨਸ਼ਨ ਬੱਚੇ ਦੇ ਨਾਮ ‘ਤੇ ਜਾਰੀ ਕਰਨ ਦੀ ਮੰਗ ਕੀਤੀ ਗਈ। ਮਾਂ ਨੇ ਵੀ ਡਾਕ ਵਿਭਾਗ ਨੂੰ ਪੱਤਰ ਲਿਖ ਕੇ ਬੇਟੇ ਨੂੰ ਪੈਨਸ਼ਨ ਦੇਣ ਦੀ ਅਪੀਲ ਕੀਤੀ ਸੀ, ਕਿਉਂਕਿ ਬੱਚਾ ਆਪਣੇ ਨਾਨਾ-ਨਾਨੀ ਕੋਲ ਰਹਿ ਰਿਹਾ ਹੈ।
ਹੁਣ ਬੱਚੇ ਦੀ ਦੇਖਭਾਲ ਉਸ ਦੇ ਬਜ਼ੁਰਗ ਨਾਨਾ-ਨਾਨੀ ਕਰ ਰਹੇ ਹਨ, ਪਰ ਉਨ੍ਹਾਂ ਦੀ ਉਮਰ ਜ਼ਿਆਦਾ ਹੋਣ ਕਾਰਨ ਉਹ ਉਸ ਦੀ ਪੜ੍ਹਾਈ ਅਤੇ ਹੋਰ ਖਰਚੇ ਚੁੱਕਣ ਵਿੱਚ ਅਸਮਰੱਥ ਹਨ।
ਮੈਡੀਕਲ ਦੀ ਪੜ੍ਹਾਈ ਕਰਨ ਦਾ ਸੁਪਨਾ, ਪਰ ਆਰਥਿਕ ਤੰਗੀ ਬਣੀ ਰੁਕਾਵਟ
ਬੱਚੇ ਨੇ ਆਪਣੀ ਪਟੀਸ਼ਨ ਵਿੱਚ ਦੱਸਿਆ ਕਿ ਨਵੰਬਰ 2014 ਤੋਂ ਫਰਵਰੀ 2025 ਤੱਕ ਕਈ ਵਾਰ ਪਰਿਵਾਰਕ ਪੈਨਸ਼ਨ ਲਈ ਅਰਜ਼ੀਆਂ ਦਿੱਤੀਆਂ ਗਈਆਂ, ਪਰ ਕੋਈ ਕਾਰਵਾਈ ਨਹੀਂ ਹੋਈ। ਉਹ ਦਸਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ ਅਤੇ ਮੈਡੀਕਲ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਕੋਚਿੰਗ ਵੀ ਲੈ ਰਿਹਾ ਹੈ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਉਸ ਲਈ ਆਪਣੀ ਪੜ੍ਹਾਈ ਜਾਰੀ ਰੱਖਣਾ ਮੁਸ਼ਕਲ ਹੋ ਗਿਆ ਹੈ।
ਦੂਜੇ ਪਾਸੇ, ਡਾਕ ਵਿਭਾਗ ਨੇ ਟ੍ਰਿਬਿਊਨਲ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਪੈਨਸ਼ਨ ਲਈ ਲਗਭਗ ਇੱਕ ਦਹਾਕੇ ਬਾਅਦ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਇਸ ਦੇਰੀ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਗਿਆ। ਵਿਭਾਗ ਅਨੁਸਾਰ ਸੋਨੀਪਤ ਡਿਵੀਜ਼ਨ ਦੇ ਸੁਪਰਡੈਂਟ ਆਫ਼ ਪੋਸਟ ਆਫ਼ਿਸ ਵੱਲੋਂ ਪੈਨਸ਼ਨ ਸਬੰਧੀ ਕੁਝ ਜਾਣਕਾਰੀ ਮੰਗੀ ਗਈ ਸੀ, ਪਰ ਪਰਿਵਾਰ ਵੱਲੋਂ ਉਹ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ।
CAT ਨੇ ਡਾਕ ਵਿਭਾਗ ਨੂੰ ਦਿੱਤੇ ਦੋ ਮਹੀਨਿਆਂ ਵਿੱਚ ਫੈਸਲਾ ਕਰਨ ਦੇ ਨਿਰਦੇਸ਼
ਬੱਚੇ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ CAT ਨੇ ਉਸ ਨੂੰ ਚਾਰ ਹਫ਼ਤਿਆਂ ਦੇ ਅੰਦਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਡਾਕ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿਯਮਾਂ ਅਨੁਸਾਰ ਦੋ ਮਹੀਨਿਆਂ ਦੇ ਅੰਦਰ ਪਰਿਵਾਰਕ ਪੈਨਸ਼ਨ ਦੇ ਦਾਅਵੇ ‘ਤੇ ਫੈਸਲਾ ਕਰੇ।
ਹੁਣ ਸਭ ਦੀਆਂ ਨਜ਼ਰਾਂ ਡਾਕ ਵਿਭਾਗ ਦੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ, ਤਾਂ ਜੋ ਬੱਚੇ ਦੀ ਪੜ੍ਹਾਈ ਅਤੇ ਭਵਿੱਖ ਨੂੰ ਸਹਾਰਾ ਮਿਲ ਸਕੇ।

