40 ਉਮੀਦਵਾਰਾਂ ਦੀ ਪਹਿਲੀ ਸੂਚੀ ਨੇ ‘ਆਪ’ ਵਿੱਚ ਫੁੱਟ ਦੀਆਂ ਅਫ਼ਵਾਹਾਂ ਨੂੰ ਬੇਬੁਨਿਆਦ ਸਾਬਤ ਕੀਤਾ: ਅਮਨ ਅਰੋੜਾ

admin
4 Min Read

ਸੁਨਾਮ 1ਨਵੰਬਰ: ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਵੱਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੇ ਜਾਣ ਨਾਲ ਵਿਰੋਧੀਆਂ ਵੱਲੋਂ ਪਾਰਟੀ ਵਿੱਚ ਫੁੱਟ ਅਤੇ ਵਿਧਾਇਕਾਂ ਦੇ ਪਾਰਟੀ ਛੱਡਣ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਬੇਬੁਨਿਆਦ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਪੂਰੀ ਤਰ੍ਹਾਂ ਇਕਜੁੱਟ ਹਨ ਅਤੇ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਲੋਕ ਸੇਵਾ ਵਿੱਚ ਜੁਟੇ ਹੋਏ ਹਨ। ਸਿਆਸੀ ਮੁੱਦਿਆਂ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਪਾਰਟੀ ਦੀ ਇਕਜੁੱਟਤਾ ਬਾਰੇ ਭਰਮ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਪਹਿਲੀ ਸੂਚੀ ਦੇ ਐਲਾਨ ਨੇ ਇਨ੍ਹਾਂ ਚਰਚਾਵਾਂ ਨੂੰ ਵਿਰਾਮ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਂਝੇ ਉਦੇਸ਼ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਉਨ੍ਹਾਂ ਲਈ ਸਭ ਤੋਂ ਅਹਿਮ ਹਨ।ਪਹਿਲੀ ਸੂਚੀ ਵਿੱਚ ਉਨ੍ਹਾਂ ਅਤੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਦੇ ਨਾਂ ਸ਼ਾਮਲ ਨਾ ਹੋਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਦੌਰਾਨ ਉਨ੍ਹਾਂ ਦੋਵਾਂ ਨੇ ਖ਼ੁਦ ਬੇਨਤੀ ਕੀਤੀ ਸੀ ਕਿ ਉਨ੍ਹਾਂ ਦੀਆਂ ਉਮੀਦਵਾਰੀਆਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇ ਅਤੇ ਪਹਿਲਾਂ ਹੋਰਨਾਂ ਮਿਹਨਤੀ ਸਾਥੀਆਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨੂੰ ਲੈ ਕੇ ਕਿਸੇ ਕਿਸਮ ਦੀਆਂ ਕਿਆਸਅਰਾਈਆਂ ਲਗਾਉਣ ਦਾ ਕੋਈ ਆਧਾਰ ਨਹੀਂ ਹੈ।ਸਾਬਕਾ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਹਾਰ ਬਾਰੇ ਕੀਤੇ ਦਾਅਵੇ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਰੋੜਾ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਉਹ ਇਨ੍ਹਾਂ 40 ਹਲਕਿਆਂ ਵਿੱਚੋਂ ਆਪਣੀ ਪਸੰਦ ਦੇ ਕਿਸੇ ਵੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਰੁੱਧ ਚੋਣ ਲੜ ਕੇ ਲੋਕਾਂ ਦਾ ਫ਼ੈਸਲਾ ਦੇਖ ਲੈਣ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਅੰਤਿਮ ਫ਼ੈਸਲਾ ਲੋਕਾਂ ਨੇ ਕਰਨਾ ਹੁੰਦਾ ਹੈ।ਸੁਨਾਮ ਹਲਕਾ ਛੱਡਣ ਜਾਂ ਪਾਰਟੀ ਬਦਲਣ ਦੀਆਂ ਚਰਚਾਵਾਂ ਨੂੰ ਮੁੱਢੋਂ ਖ਼ਾਰਜ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਸੁਨਾਮ ਨਾਲ ਉਨ੍ਹਾਂ ਦੀ ਸਾਂਝ ਪਰਿਵਾਰਕ ਅਤੇ ਭਾਵਨਾਤਮਕ ਹੈ। ਉਨ੍ਹਾਂ ਦੱਸਿਆ ਕਿ ਸਾਲ 2000 ਵਿੱਚ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਲੰਮਾ ਸੰਘਰਸ਼ ਕਰਨ ਅਤੇ ਚੋਣਾਂ ਵਿੱਚ ਹਾਰਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਨ੍ਹਾਂ ਨੇ ਸੁਨਾਮ ਵਾਸੀਆਂ ਨਾਲ ਆਪਣਾ ਨਾਤਾ ਕਦੇ ਨਹੀਂ ਤੋੜਿਆ। ਉਨ੍ਹਾਂ ਕਿਹਾ, “ਸੁਨਾਮ ਮੇਰਾ ਆਪਣਾ ਪਰਿਵਾਰ ਹੈ ਅਤੇ ਜਿੰਨੀ ਦੇਰ ਮੇਰੇ ਸਾਹ ਚੱਲਦੇ ਹਨ, ਮੈਂ ਹਲਕੇ ਦੇ ਲੋਕਾਂ ਦੀ ਸੇਵਾ ਕਰਦਾ ਰਹਾਂਗਾ।”ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਨੂੰ ਮੰਦਭਾਗਾ ਕਰਾਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪਰਿਵਾਰ ਦੀ ਮੰਗ ਅਨੁਸਾਰ ਸਰਕਾਰ ਵੱਲੋਂ ਸੀਬੀਆਈ ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਹੈ ਅਤੇ ਇੱਕ ਉੱਚ ਪੱਧਰੀ ਕਮੇਟੀ ਵੀ ਗਠਿਤ ਕੀਤੀ ਗਈ ਹੈ। ਉਨ੍ਹਾਂ ਪਰਿਵਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਦੇਹ ਦਾ ਸਤਿਕਾਰ ਸਹਿਤ ਸਸਕਾਰ ਕੀਤਾ ਜਾਵੇ ਅਤੇ ਹੋਰਨਾਂ ਮਸਲਿਆਂ ਦੇ ਹੱਲ ਲਈ ਸਰਕਾਰ ਤੇ ਪ੍ਰਸ਼ਾਸਨ ਨਾਲ ਗੱਲਬਾਤ ਜਾਰੀ ਰੱਖੀ ਜਾਵੇ। ਉਨ੍ਹਾਂ ਦੁਹਰਾਇਆ ਕਿ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ।ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਸ੍ਰੀ ਅਰੋੜਾ ਨੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਤੋਂ ਲੈ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਮਾਮਲਿਆਂ ਤੱਕ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਫੰਡ ਦੇ 1,000 ਕਰੋੜ ਰੁਪਏ ਤੋਂ ਵੱਧ ਦੇ ਫੰਡ ਰੋਕੇ ਜਾਣ ਨਾਲ ਵੀ ਪੰਜਾਬ ਦੇ ਹੱਕਾਂ ਨੂੰ ਢਾਹ ਲੱਗੀ ਹੈ।ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਿੱਤਾਂ ਅਤੇ ਬਣਦੇ ਹੱਕਾਂ ਦੀ ਰਾਖੀ ਲਈ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਉਨ੍ਹਾਂ ਦੁਹਰਾਇਆ ਕਿ ਲੋਕ ਸੇਵਾ, ਪਾਰਟੀ ਦੀ ਇਕਜੁੱਟਤਾ ਅਤੇ ਪੰਜਾਬ ਦੇ ਹੱਕਾਂ ਦੀ ਪੈਰਵੀ ਉਨ੍ਹਾਂ ਦੀਆਂ ਪ੍ਰਮੁੱਖ ਤਰਜੀਹਾਂ ਹਨ।

Share This Article
Leave a comment

Leave a Reply

Your email address will not be published. Required fields are marked *