ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਇੱਕ ਟੈਂਕਰ ਨੇ ਪੈਦਲ ਜਾ ਰਹੇ ਨੌਜਵਾਨਾਂ ਨੂੰ ਕੁਚਲ ਦਿੱਤਾ, ਜਿਸ ਵਿੱਚ ਦੋ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਸਰਹਿੰਦ ਦੇ ਚਾਵਲਾ ਚੌਕ ਨੇੜੇ ਵਾਪਰਿਆ। ਨੌਜਵਾਨ ਭਾਰਤ ਮਾਲਾ ਪ੍ਰੋਜੈਕਟ ‘ਤੇ ਕੰਮ ਕਰਨ ਆਏ ਸਨ।
,
ਪੁਲਸ ਮੁਤਾਬਕ ਯੂਪੀ ਦੇ ਬਲੀਆ ਜ਼ਿਲੇ ਦੇ ਰਹਿਣ ਵਾਲੇ ਲੁਟਨ ਰਾਜਭਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸੰਦੀਪ ਕੁਮਾਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਗੰਭੀਰ ਜ਼ਖਮੀ ਵਿਨੋਦ ਕੁਮਾਰ ਅਤੇ ਚੰਦਰਸ਼ੇਖਰ ਨੂੰ ਪਹਿਲਾਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਥਾਣਾ ਸਰਹਿੰਦ ਦੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਭਾਰਤ ਮਾਲਾ ਪ੍ਰੋਜੈਕਟ ‘ਤੇ ਕੰਮ ਕਰਨ ਲਈ ਰੇਲ ਗੱਡੀ ਰਾਹੀਂ ਸਰਹਿੰਦ ਪਹੁੰਚੇ ਸਨ। ਸੰਦੀਪ ਕੁਮਾਰ ਇਨ੍ਹਾਂ ਨੌਜਵਾਨਾਂ ਨੂੰ ਸਟੇਸ਼ਨ ਤੋਂ ਪੈਦਲ ਆਪਣੀ ਰਿਹਾਇਸ਼ ਵੱਲ ਲਿਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਪੁਲੀਸ ਨੇ ਟੈਂਕਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਫਰਾਰ ਡਰਾਈਵਰ ਹਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਲੱਗੀ ਹੋਈ ਹੈ।